ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸਿੱਖ ਆਗੂ ਤੇ ਯੂਥ ਅਕਾਲੀ ਦਲ ਜਲੰਧਰ ਸ਼ਹਿਰ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਅੱਜ ਕਿਹਾ ਕਿ 1984 ਦੇ ਸਿੱਖ ਕਤਲੇਆਮ ਕੇਸ ਵਿਚ ਸਿੱਖਾਂ ਨੂੰ 39 ਸਾਲਾਂ ਬਾਅਦ ਨਿਆਂ ਮਿਲਣ ਦੀ ਆਸ ਬੱਝ ਗਈ ਹੈ ਕਿਉਂਕਿ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ 5 ਅਗਸਤ 2023 ਨੂੰ ਅਦਾਲਤ ਵਿਚ ਤਲਬ ਕਰ ਲਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਇਹਨਾਂ ਸਾਲਾਂ ਦੌਰਾਨ ਗਾਂਧੀ ਪਰਿਵਾਰ ਨੇ ਨਾ ਸਿਰਫ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਬਲਕਿ ਉਹਨਾਂ ਨੂੰ ਸਰਕਾਰ ਤੇ ਪਾਰਟੀ ਵਿਚ ਵੱਡੇ-ਵੱਡੇ ਅਹੁਦੇ ਦੇ ਕੇ ਨਿਵਾਜਿਆ। ਉਹਨਾਂ ਕਿਹਾ ਕਿ ਸੱਜਣ ਕੁਮਾਰ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਦੀ ਵਾਰੀ ਹੈ ਕਿ ਉਹ ਗੁਰਦੁਆਰਾ ਪੁੱਲ ਬੰਗਸ਼ ਵਿਚ ਤਿੰਨ ਸਿੱਖਾਂ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿਚ ਆਪਣੀ ਭੂਮਿਕਾ ਲਈ ਜੇਲ੍ਹ ਜਾਵੇਗਾ।
ਉਹਨਾਂ ਕਿਹਾਕਿ ਇੰਨੇ ਸਾਲਾਂ ਦੌਰਾਨ ਮਨੁੱਖਤਾ ਦੇ ਕਤਾਲ ਇਸ ਕਰ ਕੇ ਬਚਦੇ ਰਹੇ ਕਿਉਂਕਿ ਕਾਂਗਰਸ ਸਰਕਾਰਾਂ ਦਾ ਦੌਰ ਸੀ ਜਿਸ ਵਿਚ ਨਾ ਸਿਰਫ ਉਹਨਾਂ ਦਾ ਬਚਾਅ ਕੀਤਾ ਗਿਆ ਬਲਕਿ ਜਾਂਚ ਏਜੰਸੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਇਹਨਾਂ ਕਾਂਗਰਸੀ ਆਗੂਆਂ ਖਿਲਾਫ ਕੋਈ ਕਦਮ ਨਾ ਚੁੱਕਣ।
ਉਹਨਾਂ ਕਿਹਾ ਕਿ ਇਹ ਸਿਰਫ ਸ਼੍ਰੋਮਣੀ. ਅਕਾਲੀ ਦਲ ਦੇ ਆਗੂ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਮੰਤਰੀ ਦੀ ਕੋਸ਼ਿਸ਼ ਅਤੇ ਹਿੰਮਤ ਦੀ ਬਦੌਲਤ ਹੈ ਕਿ ਜਾਂਚ ਏਜੰਸੀਆਂ ਨੇ ਇਹਨਾਂ ਕਾਂਗਰਸੀ ਆਗੂਆਂ ਖਿਲਾਫ ਨਵੇਂ ਸਿਰੇ ਤੋਂ ਜਾਂਚ ਕੀਤੀ ਤੇ ਅਦਾਲਤਾਂ ਵਿਚ ਚਾਰਜਸ਼ੀਟ ਦਾਇਰ ਕੀਤੀ ਤਾਂ ਜੋ ਇਹਨਾਂ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।
ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਜਗਦੀਸ਼ ਟਾਈਟਲਰ ਨੂੰ ਫਾਂਸੀ ਦੀ ਸਜ਼ਾ ਹੋਵੇਗੀ ਜਿਸ ਮਗਰੋਂ ਮੱਧ ਪ੍ਰਦੇਸ਼ ਦੇ ਕਾਂਗਰਸੀ ਆਗੂ ਕਮਲ ਨਾਥ ਨੂੰ 1984 ਦੇ ਸਿੱਖ ਕਤਲੇਆਮ ਵਿਚ ਭੂਮਿਕਾ ਬਦਲੇ ਸਜ਼ਾ ਮਿਲੇਗੀ। ਉਹਨਾਂ ਨੇ ਸਿੱਖ ਕੌਮ ਨੂੰ ਨਿਆਂ ਦੇਣ ਲਈ ਇਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਧੰਨਵਾਦ ਕੀਤਾ।
