ਗੁਰੁੂ ਹਰ ਸਹਾਏ : ਆਮ ਆਦਮੀ ਪਾਰਟੀ’ ਦੇ ਜਲਾਲਾਬਾਦ ਤੋਂ ਵਿਧਾਇਕ ਸੁਰਿੰਦਰ ਕੰਬੋਜ ਗੋਲਡੀ ਦੇ ਪਿਤਾ ਅਤੇ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਉਮੀਦਵਾਰ ਸੁਰਿੰਦਰ ਕੰਬੋਜ ਦੇ ਖਿਲਾਫ਼ ਪਰਚਾ ਦਰਜ ਹੋ ਗਿਆ ਹੈ। ਗੁਰੂ ਹਰਸਹਾਏ ਥਾਣੇ ਵਿੱਚ ਦਰਜ ਇਹ ਐਫ.ਆਈ.ਆਰ. ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਮੱਦੇਨਜ਼ਰ ਸੁਰਿੰਦਰ ਕੰਬੋਜ ਦੀ ਅੱਜ ਵੋਟਿੰਗ ਕਰਦੇ ਹੋਏ ਦੀ ਇੱਕ ਵਾਇਰਲ ਹੋਈ ਵੀਡੀਉ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ।
ਪਹਿਲਾਂ ਵੀ ਇੱਕ ਮਾਮਲੇ ਵਿੱਚ ਵਿਵਾਦਤ ਰਹੇ ਸੁਰਿੰਦਰ ਕੰਬੋਜ ਨੂੰ ਬਸਪਾ ਨੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ਸੀ।
ਸਨਿਚਰਵਾਰ ਨੂੰ ਵੋਟਿੰਗ ਦੇ ਦਿਨ ਸੁਰਿੰਦਰ ਕੰਬੋਜ ਵੱਲੋਂ ਆਪਣੀ ਵੋਟ ਪਾਉਣ ਸਮੇਂ ਇੱਕ ਵੀਡੀਉ ਬਣਾਈ ਜਿਸ ਵਿੱਚ ਨਾ ਕੇਵਲ ਉਹ ਈ.ਵੀ.ਐੱਮ. ’ਤੇ ਹਾਥੀ ਚੋਣ ਨਿਸ਼ਾਨ ਨੂੰ ਭਾਵ ਆਪਣੇ ਆਪ ਨੂੰ ਵੋਟ ਪਾਉਂਦੇ ਨਜ਼ਰ ਆਏ ਸਗੋਂ ਇਸੇ ਵੀਡੀਉ ਵਿੱਚ ਉਹਨਾਂ ਨੇ ਵੀ.ਵੀ.ਪੈਟ. ਦੀ ਵੀਡੀਉ ਵੀ ਸਾਂਝੀ ਕਰ ਦਿੱਤੀ ਜਿਸ ਵਿੱਚ ਇਹ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੇ ਆਪਣੀ ਵੋਟ ਬਸਪਾ ਨੂੰ ਪਾਈ ਹੈ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਵੋਟ ਪਾਉਣ ਦੀ ਪ੍ਰਕ੍ਰਿਆ ਨੂੂੰ ਗੁਪਤ ਰੱਖਣ ਦੇ ਮੰਤਵ ਨਾਲ ਇਹ ਮਨਾਹੀ ਕੀਤੀ ਹੋਈ ਹੈ ਕਿ ਕੋਈ ਵੀ ਵਿਅਕਤੀ ਆਪਣੀ ਵੋਟ ਪਾਉਂਦੇ ਸਮੇਂ ਇਸਨੂੰ ਜਨਤਕ ਨਹੀਂ ਕਰੇਗਾ ਅਤੇ ਇਸ ਮੰਤਵ ਲਈ ਕੋਈ ਵੀਡੀਉ ਜਾਂ ਫ਼ੋਟੋ ਨਹੀਂ ਬਣਾਈ ਜਾਵੇਗੀ।
ਇਸੇ ਉਲੰਘਣਾ ਦੇ ਮੱਦੇਨਜ਼ਰ ਸੁਰਿੰਦਰ ਕੰਬੋਜ ਦੇ ਖਿਲਾਫ਼ ਹੁਣ ਐਫ.ਆਈ.ਆਰ. ਦਰਜ ਕੀਤੀ ਗਈ ਹੈ।
