ਰੋਜ਼ਾਨਾ 24 ਨਿਊਜ਼, ਚੰਡੀਗੜ੍ਹ : ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਗਰਮੀਆਂ ਦੀਆਂ ਛੁੱਟੀਆਂ ਪਿਛਲੇ ਸਾਲਾਂ ਵਾਂਗ ਹੀ ਕਰਨ ਦੀ ਕੀਤੀ ਪੁਰਜ਼ੋਰ ਮੰਗ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਆਪਣੇ ਫ਼ੈਸਲੇ ਉੱਤੇ ਪੁਨਰ ਵਿਚਾਰ ਕਰਦਿਆਂ 15 ਮਈ ਤੋਂ 31 ਮਈ 2022 ਤਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿਚ ਆਫਲਾਈਨ ਮੋਡ ‘ਚ ਕਲਾਸਾਂ ਲੱਗਣਗੀਆਂ, ਜਦੋਂਕਿ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ 2 ਸਾਲ ਸਕੂਲਾਂ ਅੰਦਰ ਆਫਲਾਈਨ ਕਲਾਸਾਂ ਨਾ ਲੱਗਣ ਕਾਰਨ ਹੋਏ ਪੜ੍ਹਾਈ ਦੇ ਨੁਕਸਾਨ ਹੋਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਕਰੇ ਅਤੇ ਆਨਲਾਈਨ ਕਲਾਸਾਂ ਤੋਂ ਗੁਰੇਜ਼ ਕਰੇ। 15 ਮਈ ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤਕ ਰਹੇਗਾ।
